ਰਾਜੋਆਣਾ ਨੇ ਨਾ ਫ਼ਾਂਸੀ ਮੰਗੀ ਤੇ ਨਾ ਬੱਬਰ ਖ਼ਾਲਸਾ ਨਾਲ ਉਸਦਾ ਕੋਈ ਸਬੰਧ : ਕਮਲਦੀਪ
ਚੰਡੀਗੜ੍ਹ, 25 ਫ਼ਰਵਰੀ (ਗੁਰਪ੍ਰੀਤ ਸਿੰਘ ਮਹਿਕ): ‘‘ਭਾਰਤੀ ਨੀਊਜ਼ ਏਜੰਸੀ ਪੀ.ਟੀ.ਆਈ. ਵਲੋਂ ਅੱਜ ਦੀਆਂ ਅਖ਼ਬਾਰਾਂ ਵਿਚ ਅਤੇ ਨੀਊਜ਼ ਚੈਨਲਾਂ ’ਤੇ ਸ. ਬਲਵੰਤ ਸਿੰਘ ਰਾਜੋਆਣਾ ਦੀ 16-02-2013 ਵਾਲੀ ਚਿੱਠੀ ਜੋ ਉਸੇ ਦਿਨ ਮੀਡੀਆ ਨੂੰ ਜਾਰੀ ਕਰ ਦਿਤੀ ਸੀ ਜਿਹੜੀ ਖ਼ਾਲਸਾ ਪੰਥ ਦੇ ਨਾਮ ਲਿਖੀ ਗਈ ਸੀ, ਉਸ ਚਿੱਠੀ ਨੂੰ 8 ਦਿਨ ਬਾਅਦ ਬਹੁਤ ਹੁਣ ਗ਼ਲਤ ਅਤੇ ਗੁਮਰਾਹਕੁਨ ਢੰਗ ਨਾਲ ਪੇਸ਼ ਕੀਤਾ ਹੈ।’’ ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਸਪੋਕਸਮੈਨ ਨੂੰ ਦਸਿਆ ਕਿ ਸ. ਬਲਵੰਤ ਸਿੰਘ ਰਾਜੋਆਣਾ ਨੇ ਇਹ ਚਿੱਠੀ ਅਫ਼ਜ਼ਲ ਗੁਰੂ ਨੂੰ ਫਾਂਸੀ ਦਿਤੇ ਜਾਣ ਤੋਂ ਬਾਅਦ ਲਿਖੀ ਸੀ ਜਦ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਸ. ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਿਤੇ ਜਾਣ ਦੀ ਮੰਗ ਕਰ ਰਹੇ ਸਨ। ਇਸ ਚਿੱਠੀ ਵਿਚ ਕਿਤੇ ਵੀ ਭਾਈ ਰਾਜੋਆਣਾ ਨੇ ਇਹ ਨਹੀਂ ਲਿਖਿਆ ਕਿ ਉਸ ਨੂੰ ਫਾਂਸੀ ਦੇ ਦਿਉ। ਸ. ਬਲਵੰਤ ਸਿੰਘ ਰਾਜੋਆਣਾ ਨੇ ਅਪਣੀ ਚਿੱਠੀ ਵਿਚ ਕਿਹਾ ਸੀ ਕਿ ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖ ਧਰਮ ’ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ, ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ, ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਦੀਆਂ ਮਾਸੂਮ ਧੀਆਂ-ਭੈਣਾਂ ਨਾਲ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਕੋਹ-ਕੋਹ ਕੇ ਮਾਰਿਆ, ਜਿਹੜੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਦੀ ਧਰਤੀ ਨੂੰ ਹਜ਼ਾਰਾਂ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖ਼ੂਨ ਨਾਲ ਰੰਗਿਆ, ਜਿਹੜੇ ਕਾਂਗਰਸੀ ਹੁਕਮਰਾਨਾਂ ਦੇ ਅਪਣੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖ਼ੂਨ ਨਾਲ ਰੰਗੇ ਹੋਏ ਹਨ, ਮੈਂ ਇਨ੍ਹਾਂ ਕਾਤਲ ਕਾਂਗਰਸੀ ਹੁਕਮਰਾਨਾਂ ਅੱਗੇ ਨਾ ਕਦੇ ਸਿਰ ਝੁਕਾਇਆ ਹੈ ਅਤੇ ਨਾ ਹੀ ਝੁਕਾਵਾਂਗਾ, ਨਾ ਕਦੇ ਕੋਈ ਬੇਨਤੀ ਕੀਤੀ ਹੈ ਅਤੇ ਨਾ ਹੀ ਕਦੇ ਕਰਾਂਗਾ, ਨਾ ਕਦੇ ਕੋਈ ਰਹਿਮ ਮੰਗਿਆ ਹੈ, ਨਾ ਹੀ ਕਦੇ ਮੰਗਾਂਗਾ। ਭਾਈ ਰਾਜੋਆਣਾ ਨੇ ਇਸ ਚਿੱਠੀ ਰਾਹੀਂ ਖ਼ਾਲਸਾ ਪੰਥ ਨੂੰ ਅਪਣੀ ਸੋਚ ਸਪੱਸ਼ਟ ਕੀਤੀ ਸੀ। ਬੀਬੀ ਕਮਲਦੀਪ ਕੌਰ ਨੇ ਦਸਿਆ ਕਿ ਭਾਈ ਰਾਜੋਆਣਾ ਨੇ ਇਸ ਕਾਤਲ ਸਿਸਟਮ ਨੂੰ ਇਹ ਵੀ ਸਵਾਲ ਕੀਤਾ ਸੀ ਕਿ ਜੇ ਇਹ ਕਾਨੂੰਨ ਇਨ੍ਹਾਂ ਨੇਤਾਵਾਂ ਦੇ ਕਹੇ ਅਨੁਸਾਰ ਸਾਰਿਆਂ ਲਈ ਇਕ ਹੈ ਤਾਂ ਇਹ ਕਾਨੂੰਨ ਨਵੰਬਰ 1984 ਵਿਚ ਇਸੇ ਦਿੱਲੀ ਦੀਆਂ ਗਲੀਆਂ ਵਿਚ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਤੇ ਬਲਾਤਕਾਰੀਆਂ ਨੂੰ ਕਦੋਂ ਫਾਂਸੀ ਦੇ ਤਖ਼ਤੇ ’ਤੇ ਚੜ੍ਹਾਵੇਗਾ? ਭਾਈ ਰਾਜੋਆਣਾ ਨੇ ਇਸ ਚਿੱਠੀ ਵਿਚ ਕਿਤੇ ਵੀ ਇਹ ਨਹੀਂ ਕਿਹਾ ਕਿ ਉਸ ਨੂੰ ਫਾਂਸੀ ਦੇਵੋ ਬਲਕਿ ਇਹ ਸਪੱਸ਼ਟ ਕੀਤਾ ਸੀ ਕਿ ਜੇ ਕਾਤਲ ਸਿਸਟਮ ਉਸ ਨੂੰ ਮਾਰਨਾ ਚਾਹੁੰਦਾ ਹੈ ਤਾਂ ਇਹ ਕਾਤਲ ਸਿਸਟਮ ਜਦ ਮਰਜ਼ੀ ਹੋਵੇ, ਉਸ ਦੇ ਸਿਦਕ ਨੂੰ ਪਰਖ ਸਕਦਾ ਹੈ। ਇਥੇ ਇਕ ਗੱਲ ਹੋਰ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਜੋ ਸਰਕਾਰੀ ਏਜੰਸੀ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਕਿਹਾ ਹੈ, ਭਾਈ ਰਾਜੋਆਣਾ ਨੇ ਪਹਿਲਾਂ ਹੀ ਬਹੁਤ ਵਾਰ ਇਹ ਸਪੱਸ਼ਟ ਕੀਤਾ ਹੋਇਆ ਹੈ ਕਿ ਉਨ੍ਹਾਂ ਦਾ ਬੱਬਰ ਖ਼ਾਲਸਾ ਇੰਟਰਨੈਸ਼ਨਲ ਨਾਲ ਕੋਈ ਸਬੰਧ ਨਹੀਂ ਹੈ।